ਦਯਾ ਸਿੰਘ, ਭਾਈ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਯਾ ਸਿੰਘ, ਭਾਈ (1661-1708 ਈ.): ਪੰਜ ਪਿਆਰਿਆਂ ਵਿਚੋਂ ਇਕ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੀਤੀ ‘ਸੀਸ ਦੀ ਮੰਗ ’ ਵੇਲੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪ੍ਰਸਤੁਤ ਕੀਤਾ। ਸਿੱਖ ਇਤਿਹਾਸ ਤੋਂ ਪਤਾ ਚਲਦਾ ਹੈ ਕਿ ਇਹ ਲਾਹੌਰ ਦੇ ਇਕ ਸੋਬਤੀ ਖਤ੍ਰੀ ਦੇ ਘਰ ਮਾਈ ਦਿਆਲੀ ਦੀ ਕੁੱਖੋਂ ਸੰਨ 1661 ਈ. ਵਿਚ ਪੈਦਾ ਹੋਇਆ। ਇਸ ਦਾ ਪਿਤਾ ਗੁਰੂ-ਘਰ ਦਾ ਬਹੁਤ ਸ਼ਰਧਾਲੂ ਸੀ। ਜਦੋਂ 1677 ਈ. ਵਿਚ ਉਹ ਪਰਿਵਾਰ ਸਹਿਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਨੰਦਪੁਰ ਆਇਆ ਤਾਂ ਆਪਣੇ ਪੁੱਤਰ ਦਯਾ ਰਾਮ ਨੂੰ ਵੀ ਨਾਲ ਲਿਆਇਆ। ਤਦ-ਉਪਰੰਤ ਸਾਰਾ ਪਰਿਵਾਰ ਉਥੇ ਹੀ ਰਹਿਣ ਲਗ ਗਿਆ। ਦਯਾ ਰਾਮ ਨੇ ਉਥੇ ਰਹਿ ਕੇ ਗੁਰਬਾਣੀ ਦਾ ਅਧਿਐਨ ਕੀਤਾ ਅਤੇ ਸ਼ਸਤ੍ਰ-ਵਿਦਿਆ ਵਿਚ ਵੀ ਮੁਹਾਰਤ ਹਾਸਲ ਕੀਤੀ।

            ਖ਼ਾਲਸਾ ਸਿਰਜਨਾ ਦਿਵਸ ਉਤੇ ਇਸ ਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਪਾਨ ਕਰਾਇਆ ਗਿਆ। ਇਸ ਨੇ ਆਨੰਦਪੁਰ ਦੀ ਲੜਾਈ ਵਿਚ ਜਮ ਕੇ ਹਿੱਸਾ ਲਿਆ। ਚਮਕੌਰ ਦੀ ਗੜ੍ਹੀ ਵਿਚੋਂ ਨਿਕਲਣ ਵੇਲੇ ਭਾਵੇਂ ਇਹ ਗੁਰੂ ਸਾਹਿਬ ਤੋਂ ਵਖ ਹੋ ਗਿਆ, ਪਰ ਫਿਰ ਲਭਦਾ ਲਭਾਉਂਦਾ ਮਾਛੀਵਾੜੇ ਜਾ ਮਿਲਿਆ। ਦੀਨਾ-ਕਾਂਗੜ ਤੋਂ ਗੁਰੂ ਸਾਹਿਬ ਨੇ ਇਸੇ ਹੱਥੀਂ ਅਹਿਮਦਨਗਰ ਸਥਿਤ ਔਰੰਗਜ਼ੇਬ ਬਾਦਸ਼ਾਹ ਨੂੰ ‘ਜ਼ਫ਼ਰਨਾਮਾ ’ ਭੇਜਿਆ। ‘ਜ਼ਫ਼ਰਨਾਮਾ’ ਪਹੁੰਚਾਉਣ ਤੋਂ ਬਾਦ ਇਹ ਭਾਈ ਧਰਮ ਸਿੰਘ ਸਹਿਤ ਗੁਰੂ ਜੀ ਨੂੰ ਰਾਜਸਥਾਨ ਵਿਚ ਆ ਮਿਲਿਆ। ਉਸ ਤੋਂ ਬਾਦ ਇਹ ਦੋਵੇਂ ਗੁਰੂ ਜੀ ਦੇ ਅੰਗ-ਸੰਗ ਰਹੇ। ਨਾਂਦੇੜ ਵਿਚ 7 ਅਕਤੂਬਰ 1708 ਈ. ਨੂੰ ਗੁਰੂ ਸਾਹਿਬ ਦੇ ਮਹਾਪ੍ਰਸਥਾਨ ਵੇਲੇ ਇਹ ਦੋਵੇਂ ਮੌਜੂਦ ਸਨ। ਪਰ ਜਲਦੀ ਹੀ ਬਾਦ ਇਨ੍ਹਾਂ ਦੋਹਾਂ ਦਾ ਦੇਹਾਂਤ ਹੋ ਗਿਆ। ਇਨ੍ਹਾਂ ਦੇ ਸਮਾਰਕ ਉਥੇ ਮੌਜੂਦ ਹਨ।

            ਭਾਈ ਦਯਾ ਸਿੰਘ ਇਕ ਵਿਦਵਾਨ ਸਿੱਖ ਸੀ। ਇਸੇ ਦੇ ਨਾਂ ਨਾਲ ਇਕ ਰਹਿਤਨਾਮਾ ਵੀ ਪ੍ਰਚਲਿਤ ਹੈ, ਪਰ ਉਸ ਵਿਚਲੇ ਕਈ ਪਰਵਰਤੀ ਤੱਥਾਂ ਕਾਰਣ ਉਸ ਦੀ ਪ੍ਰਮਾਣਿਕਤਾ ਸੰਦਿਗਧ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.